Chaar Farzand is a song in Panjabi
ੴ
ਅਸਤਰ ਤੇ ਵਸਤਰ ਤੇ ਸ਼ਸ਼ਤਰਾਂ ਨੂੰ ਧਾਰ,
ਜੰਗੀ ਆ ਸੁਭਾਅ , ਪੁੱਤ ਸ਼ੇਰ ਦੇ ਆ ਚਾਰ,
ਇੱਕ ਦੂਸਰੇ ਤੋਂ ਅੱਗੇ ਹੋ ਸ਼ਹੀਦੀਆਂ ਨੇਂ ਮੰਗਦੇ,
ਦੋ ਵਿੱਚ ਜੰਗ ਦੇ, ਦੋ ਵਿੱਚ ਕੰਧ ਦੇ।
ਕਰਿਆ ਭਰੋਸਾ ਚੱਕੇ ਆਨੰਦਪੁਰੋਂ ਡੇਰੇ,
ਸੌਹਾਂ ਤੋੜਨ ਆਲਿਆਂ ਨੇ ਪਾ ਲਏ ਸਰਸਾ ਤੇ ਘੇਰੇ,
ਹੋਇਆ ਵੱਖ ਪਰਿਵਾਰ ਮਾਂ , ਫਤਿਹ , ਜੋ਼ਰਾਵਰ ,
ਨਾਲ਼ ਨੇ ਜੁਝਾਰ ਤੇ ਅਜੀਤ ਸਿੰਘ ਪਿਸਰ।
ਸੁਣਿਆ ਜੈਕਾਰਾ ਜਦ ਖੁੱਲੀ ਰਹਿ ਗਈ ਅੱਖ,
ਗਿਣਤੀ ਹਜ਼ਾਰੀਂ ਪਿਆ ਮੁਗਲਾਂ ਨੂੰ ਸ਼ੱਕ,
ਖ਼ੌਫ਼ ਵੈਰੀਆਂ ਨੂੰ ਦੇਖ ਕਿੰਨਾਂ ਬਾਜਾਂ ਵਾਲੇ ਦਾ,
੪੦ ਸਿੰਘਾਂ ਅੱਗੇ ਆ ਕੇ ਖੜ੍ਹੇ ੧੦ ਲੱਖ।
ਮੁਗਲਾਂ ਨੂੰ ਚੀਰ ਚੀਰ ਵਧਦਾ ਅਜੀਤ,
ਝੁੰਡ ਗਿੱਦੜਾਂ ਦੇ ਵਿੱਚ ਖੁੱਲਾ ਸ਼ੇਰ ਅਜੀਤ,
ਜਿੱਤਿਆ ਨੀਂ ਜਾਂਦਾ ਕਿਸੇ ਕੋਲੋ਼ਂ ਵੀ ਅਜੀਤ,
ਗਿਆ ਜਿੱਤਿਆ ਜੇ ਫੇਰ ਕਹੇ ਮੁੜੂ ਨਾ ਅਜੀਤ।
ਵਾਰੀ ਅਗਲੀ ਆ ਮੇਰੀ ਸਿੰਘ ਆਖਦਾ ਜੁਝਾਰ,
ਵੈਰੀਆਂ ਤੇ ਦੇਖ ਕਰੇ ਚੜ੍ਹ ਚੜ੍ਹ ਵਾਰ,
ਮਰਨਾਂ ਮਨਜ਼ੂਰ ਪਰ ਮੰਨਣੀਂ ਨਈ ਹਾਰ ,
ਪਾਗਿਆ ਸ਼ਹੀਦੀ ਲੈ ਕੇ ਚਾਲੀ਼ਆਂ ਨੂੰ ਨਾਲ਼,
ਫ਼ਕਰ ਹੋਵੇ ਪੁੱਤ ਦੋਵੇਂ ਦੇਖ ਕੇ ਮੈਦਾਨ ਚ,
ਹੋਣਾਂ ਨੀ ਓਹਨਾਂ ਦੇ ਜਿਹਾ ਦਾਨੀਂ ਕੋਈ ਜਹਾਨ ਚ,
ਕਮਰ ਕੱਸੇ ਚ ਕਸ ਕਸ ਰੱਖੇ ਕਾਲ਼ ਨੂੰ,
ਜ਼ਫ਼ਰਨਾਮਾ ਜੋ ਲਿਖੇ ਕਲਮ ਕਮਾਨ ਚ।
ਦੋ ਨੂੰ ਦੇਖੇ ਬਾਪੂ ਉਤੋਂ ਚਮਕੌਰ ਦੀ ਗੜ੍ਹੀ,
ਠੰਢੇ ਬੁਰਜ ਤੋਂ ਦੇਖੇ ਦੋ ਨੂੰ ਦਾਦੀ ਮਾਂ ਖੜ੍ਹੀ,
ਤਖ਼ਤ ਦਿੱਲੀ ਦਾ ਨੋਕ ਜੁੱਤੀ ਆਲ਼ੀ ਟੰਗ ਕੇ,
ਦੋ ਚੜ੍ਹੇ ਵਿੱਚ ਜੰਗ ਦੇ, ਦੋ ਖੜ੍ਹੇ ਵਿੱਚ ਕੰਧ ਦੇ।
ਓਹਨੂੰ ਲੱਗੇ ਸੀ ਸਪੋਲ਼ੀਏ ਓਹ ਦੋਵੇਂ ਫੁੱਲ ਫ਼ਰਜ਼ੰਦ,
ਡਰ ਬੱਚਿਆਂ ਦਾ ਦੱਸੇ ਬੜਾ ਉੱਠ ਸੁੱਚਾ ਨੰਦ,
ਲੋਹਾ ਚੱਬਦਿਆਂ ਫਿਰ ਮੁਗਲਾਂ ਦੇ ਭੁਰ ਚੱਲੇ ਦੰਦ,
ਸਾਥੋਂ ਭੁੱਲਦੀ ਨਾਂ ਕੰਧ ਨਾ ਹੀ ਭੁੱਲੇ ਸਰਹਿੰਦ।
ਖ਼ਾਲਸਾ ਏ ਬਾਗ਼ ਚਾਰ ਫੁੱਲ ਫ਼ਰਜ਼ੰਦ,
ਝੁਕੁ ਧਰਮ ਨਾ ਕਦੇ ਝੁਕ ਗਈ ਚਿਣੀਂ ਕੰਧ,
ਕਾਂਵਾਂ ਦੀ ਕਚਹਿਰੀ, ਮੂਹਰੇ ਬਾਜ਼ ਫ਼ਰਜ਼ੰਦ,
ਗੱਡ ਗੱਡ ਕੇ ਜਵਾਬ ਦਿੱਤੇ ਮੂਹ ਕਰੇ ਬੰਦ।
ਬੇ-ਖ਼ੌਫ਼ ਜੀਏ , ਬੇ-ਖ਼ੌਫ਼ ਮਰੇ,
ਬਾਬਾ ਫਤਿਹ ਸਿੰਘ ਮੌਤ ਤੋਂ ਨਾ ਡਰੇ,
ਬੜੇ ਬਣੇਂ ਰੱਬ ਇਸ ਦੁਨੀਆਂ ਤੇ ਆ ਕੇ,
ਪਰ ਪਿਤਾ ਦਸਮੇਸ਼ ਦੀ ਨਕਲ ਕੌਣ ਕਰੇ?
ਜ਼ੋਰਾਵਰ ਬੋਲੇ ਜਿਵੇਂ ਨੋਕ ਹੋਵੇ ਤੀਰ ਦੀ,
ਜੁੱਤੀ ਥੱਲੇ ਰਗੜੀਆ ਆਕੜ ਵਜ਼ੀਰ ਦੀ,
ਚਾਹੇ ਓਹ ਨਮਾਜ਼ੀ ਹੋਵੇ ਪੰਜ ਵਖਤਾਂ ਦਾ,
ਪਰ ਦੱਸਿਆ ਫਿਰ ਫ਼ਤਵੇ ਨੇ ਅਸਲ ਵਜ਼ੀਰ ਕੀ।
ਕਰੇ ਦਾਦੀ ਪੂਰੇ ਚਾਅ , ਕਲਗ਼ੀ ਸਿਰਾਂ ਤੇ ਲਾ,
ਭੇਜਿਆ ਵਿਆਹੁਣ ਮੌਤ ਘੋੜੀਆਂ ਨੂੰ ਗਾ,
ਨਿੱਕੇ- ਨਿੱਕੇ ਹੱਥ ਚੱਕ ਲਾਉਂਦਿਆ ਜੈਕਾਰੇ,
ਹਲਕੀਆਂ ਨੇ ਇੱਟਾਂ ਵਿੱਚ ਹੌਂਸਲੇ ਆ ਭਾਰੇ,
ਸਾਡੀ ਕਲਮਾਂ ਚ ਜ਼ਿੰਦਾ ਖੂਨ ਸਿੱਖੀ ਦਾ ਅਖ਼ੀਰ,
ਸਾਡੇ ਬਾਪ ਨੇ ਮੁਕਾਇਆ ਸੀ ਔਰੰਗਾ ਬਿਨਾ ਤੀਰ,
ਕਰ ਦਿੱਤਾ ਦਾਨ ਪਰਿਵਾਰ ਬਿਨਾਂ ਸੋਚੇ,
ਸਾਨੂੰ ਦੇ ਗਿਆ ਵਸੀਅਤ ਚ ਤੇਗ , ਸ਼ਮਸ਼ੀਰ।
ਬੰਦਾ ਸਿੰਘ ਜਦੋਂ ਟੰਗਿਆ ਵਜ਼ੀਰ ਫ਼ੜ ਸੰਘ ਤੋਂ,
ਖ਼ਾਲਸੇ ਦਾ ਰਾਜ, ਸ਼ੁਰੂਆਤ ਸਰਹਿੰਦ ਤੋਂ,
ਕੰਧ ਵਿੱਚੋਂ ਝਾਤੀ ਮਾਰੇ ਬਾਬਾ ਫਤਿਹ ਸਿੰਘ ਵੀ,
ਬਾਬਾ ਜ਼ੋਰਾਵਰ ਮਾਰੇ ਹਾਕ ਸਰਹਿੰਦ ਤੋਂ।
ਹਾਲੇ ਤੱਕ ਗੂੰਜੇ ਓਥੇ ਓਹਨਾਂ ਦੀ ਆਵਾਜ਼,
ਗੜ੍ਹੀ ਚਮਕੌਰ ਤੇ ਸਰਹਿੰਦ ਦੀ ਦੀਵਾਰ,
ਓਹ ਬਦਲੇ ਨਈ , ਵੈਰੀ ਦੇ ਦੇ ਤਸੀਹੇ ਸਭ ਹੰਭ ਗਏ,
ਦੋ ਚੜੇ ਵਿੱਚ ਜੰਗ ਦੇ ਦੋ ਖੜ੍ਹੇ ਵਿੱਚ ਕੰਧ ਦੇ।
ਧੰਨ ਧੰਨ ਬਾਬਾ ਅਜੀਤ ਸਿੰਘ ਜੀ।
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ।
ਧੰਨ ਧੰਨ ਬਾਬਾ ਫਤਿਹ ਸਿੰਘ ਜੀ।
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ।
ੴ